ਚੰਡੀਗੜ੍ਹ -ਹਾਲ ਹੀ ਵਿੱਚ ਅਮਰੀਕਾ ਦੇ ਫ਼ਲੋਰਿਡਾ ਸ਼ਹਿਰ ਵਿੱਚ ਵਾਪਰੇ ਸੜਕੀ ਹਾਦਸੇ ਵਿੱਚ ਜਾਨਾਂ ਗੁਆਉਣ ਵਾਲੇ ਨਿਰਦੋਸ਼ ਲੋਕਾਂ ਦੇ ਪਰਿਵਾਰਾਂ ਨਾਲ ਯੂਨਾਈਟਿਡ ਸਿੱਖਸ ਆਪਣੀ ਡੂੰਘੀ ਹਮਦਰਦੀ ਤੇ ਸੰਵੇਦਨਾ ਪ੍ਰਗਟਾਉਂਦੀ ਹੈ। ਸੰਸਥਾ ਨੇ ਕਿਹਾ ਹੈ ਕਿ ਆਪਣੇ ਪਿਆਰਿਆਂ ਦੀ ਘਾਟਾ ਕਦੇ ਵੀ ਪੂਰੀ ਨਹੀਂ ਕੀਤੂ ਜਾ ਸਕਦਾ, ਪਰ ਇਸ ਅਫਸੋਸ ਦੀ ਘੜੀ ਵਿੱਚ ਸਮੁੱਚਾ ਸਿੱਖ ਭਾਈਚਾਰਾ ਹਮੇਸ਼ਾ ਉਹਨਾਂ ਪਰਿਵਾਰਾਂ ਦੇ ਨਾਲ ਖੜਾ ਹੈ।
ਯੂਨਾਈਟਿਡ ਸਿੱਖਸ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਕਿ ਇਸ ਦੁਖਦਾਇਕ ਹਾਦਸੇ ਨੂੰ ਸਿਆਸੀ ਰੰਗ ਦੇਣ ਦੇ ਯਤਨਾਂ ਨੇ ਗੰਭੀਰ ਚਿੰਤਾ ਨੁੰ ਜਨਮ ਦਿੱਤਾ ਹੈ। ਇਸ ਤਰ੍ਹਾਂ ਦੀਆਂ ਕਾਰਵਾਈਆਂ ਸਿਰਫ਼ ਆਪਸੀ ਖਿੱਚੋਤਾਣ ਨੂੰ ਵਧਾਉਣਗੇ, ਜਦੋਂ ਕਿ ਲੋੜ ਹੈ ਭਾਈਚਾਰਕ ਸਾਂਝ, ਸਮਝਦਾਰੀ ਅਤੇ ਏਕਤਾ ਨੂੰ ਉਤਸ਼ਾਹਿਤ ਕਰਨ ਦੀ।
ਸੰਸਥਾ ਨੇ ਵਿਸ਼ੇਸ਼ ਤੌਰ ’ਤੇ ਉਸ ਘਟਨਾ ਦੀ ਸਖਤ ਸ਼ਬਦਾਂ ਨਿਖੇਧੀ ਕੀਤੀ ਹੈ ਜਿੱਥੇ ਇੱਕ ਸਿੱਖ ਨੌਜਵਾਨ ਨੂੰ ਦਸਤਾਰ ਤੋਂ ਬਿਨਾਂ ਹਿਰਾਸਤ ਵਿੱਚ ਦਰਸਾਇਆ ਗਿਆ।
ਦਸਤਾਰ ਗੁਰੂ ਸਾਹਿਬ ਵੱਲੋਂ ਬਖ਼ਸ਼ਿਆ ਤਾਜ ਹੈ, ਜੋ ਹਰ ਸਿੱਖ ਦੀ ਪਹਿਚਾਣ ਅਤੇ ਮਾਣ ਹੈ। ਦਸਤਾਰ ਦੀ ਪਵਿੱਤਰਤਾ ਨੂੰ ਭੰਗ ਕਰਨਾ ਨਾ ਸਿਰਫ਼ ਧਾਰਮਿਕ ਅਜ਼ਾਦੀ ਦੀ ਉਲੰਘਣਾ ਹੈ, ਸਗੋਂ ਅਜਿਹੀਆਂ ਕਾਰਵਾਈਆਂ ਨਾਲ ਮਨੁੱਖੀ ਅਧਿਕਾਰਾਂ, ਸੱਭਿਆਚਾਰਕ ਮੁੱਲਾਂ ਅਤੇ ਆਤਮਿਕ ਮਰਯਾਦਾ ’ਤੇ ਵੀ ਡੂੰਘੀ ਸੱਟ ਹੈ।”
ਯੂਨਾਈਟਿਡ ਸਿੱਖਸ ਨੇ ਮੰਗ ਕੀਤੀ ਹੈ ਕਿ ਇਸ ਤਰ੍ਹਾਂ ਦੇ ਅਪਮਾਨਜਨਕ ਕਿਰਦਾਰਾਂ ਵਿਰੁੱਧ ਸਖ਼ਤ ਕਾਨੂੰਨ ਲਾਗੂ ਕੀਤੇ ਜਾਣ।
ਬਿਆਨ ਵਿੱਚ ਜ਼ੋਰ ਦਿੱਤਾ ਗਿਆ ਕਿ ਸੜਕ ਹਾਦਸੇ ਸੁਰੱਖਿਆ ਨਿਯਮਾਂ ਦੀ ਉਲੰਘਣਾ ਜਾਂ ਮਨੁੱਖੀ ਗਲਤੀਆਂ ਅਤੇ ਲਾਪ੍ਰਵਾਹੀਆਂ ਕਾਰਨ ਵਾਪਰਦੇ ਹਨ ਸੋ ਅਜਿਹੇ ਹਾਦਸਿਆਂ ਨੂੰ ਕਿਸੇ ਵੀ ਧਰਮ, ਜਾਤ ਜਾਂ ਭਾਈਚਾਰੇ ਨਾਲ ਸੰਬੰਧਤ ਵਿਅਕਤੀ ਕਰ ਸਕਦਾ ਹੈ। ਪਰ ਕਿਸੇ ਇੱਕ ਖ਼ਾਸ ਕੌਮ ਨੂੰ ਨਿਸ਼ਾਨਾ ਬਣਾਉਣਾ ਗੈਰ-ਜ਼ਿੰਮੇਵਾਰਾਨਾ ਅਤੇ ਮੰਦਭਾਗੀ ਹੈ। ਇਹ ਰਵੱਈਆ ਸਿੱਖਾਂ ਪ੍ਰਤੀ ਇਕੱਲੇਪਨ ਅਤੇ ਪੱਖਪਾਤ ਨੂੰ ਉਜਾਗਰ ਕਰਦਾ ਹੈ।
ਯੂਨਾਈਟਿਡ ਸਿੱਖਸ ਨੇ ਸਪੱਸ਼ਟ ਕੀਤਾ ਹੈ ਕਿ ਉਹ ਹਰ ਸਮੇਂ, ਹਰ ਦੇਸ਼ ਵਿੱਚ, ਬਿਨਾਂ ਕਿਸੇ ਭੇਦਭਾਵ ਦੇ ਲੋੜਵੰਦਾਂ ਦੀ ਸਹਾਇਤਾ ਲਈ ਸਮਰਪਿਤ ਹੈ। ਇਸ ਸਮੇਂ ਵੀ ਇਹ ਸੰਸਥਾ ਪ੍ਰਭਾਵਿਤ ਪਰਿਵਾਰਾਂ ਦੇ ਨਾਲ ਖੜੀ ਹੈ ਅਤੇ ਹਰ ਸੰਭਵ ਮਦਦ ਕਰਨ ਲਈ ਵਚਨਬੱਧ ਹੈ
ਸੰਸਥਾ ਨੇ ਨਿਯਮ ਨਿਰਮਾਤਾਵਾਂ ਨੂੰ ਅਪੀਲ ਕੀਤੀ ਹੈ ਕਿ ਉਹ ਸੱਭਿਆਚਾਰਕ ਅਤੇ ਧਾਰਮਿਕ ਸੰਵੇਦਨਸ਼ੀਲਤਾ ਦਾ ਆਦਰ ਕਰਦੇ ਹੋਏ ਨਿਰਪੱਖ ਨੀਤੀਆਂ ਅਪਣਾਉਣ। ਇਸ ਤੋਂ ਇਲਾਵਾ ਯੂਨਾਈਟਿਡ ਸਿੱਖਸ ਵੱਲੋਂ ਏਕਤਾ ਅਤੇ ਅਖੰਡਤਾ ਦੀ ਹਾਮੀ ਭਰਨ ਵਾਲੀਆਂ ਸਾਰੀਆਂ ਸੰਸਥਾਵਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਤਰ੍ਹਾਂ ਦੇ ਪੱਖਵਾਦੀ ਰਾਜਨੀਤਿਕ ਏਜੰਡਿਆਂ ਦਾ ਵਿਰੋਧ ਕਰਨ ਅਤੇ ਨਿਰਪੱਖਤਾ, ਨਿਆਂ ਅਤੇ ਸਮਾਨਤਾ ਲਈ ਸਾਂਝੀ ਅਵਾਜ਼ ਬੁਲੰਦ ਕਰਨ।